ਬਾਬਾ ਬੁੱਢਾ ਜੀ ਗ੍ਰੰਥੀ ਸਭਾ – Baba Budha Ji Granthi Sabha

SSKD-Picture1

 

ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫਤਹਿ॥

 

ਸਨਿਮਰ ਬੇਨਤੀ ਹੈ ਕਿ “ਬਾਬਾ ਬੁੱਢਾ ਜੀ ਗ੍ਰੰਥੀ ਸਭਾ ਢੱਕੀ ਸਾਹਿਬ”, ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਅਤੇ ਤਪੋਬਣ ਦੀਆਂ ਸੰਗਤਾਂ ਨੇ ਭਾਵੇਂ 1997 ਵਿੱਚ ਸਥਾਪਨਾ ਕੀਤੀ ਸੀ, ਜਿਸਦੇ ਮੈਂਬਰਾਂ ਨੇ ਉਦੋਂ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ-ਸੰਭਾਲ, ਸਤਿਕਾਰ ਵਾਸਤੇ ਕਾਰਜ ਆਰੰਭੇ ਜੋ ਅੱਜ ਵੀ ਜਾਰੀ ਹਨ। ਬਾਬਾ ਜੀ ਨੇ ਸਭ ਤੋਂ ਪਹਿਲਾਂ ਪੰਥਕ ਆਗੂਆਂ ਨੂੰ ਸਤਿਗੁਰਾਂ ਦਾ ਸਤਿਕਾਰ ਬਹਾਲ ਕਰਨ ਲਈ ਬੇਨਤੀ ਕੀਤੀ ਅਤੇ ਫੇਰ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਬਣਾ ਕੇ ਗੁਰੂ ਮਹਾਰਾਜ ਜੀ ਦੇ ਸਤਿਕਾਰ ਲਈ ਗ੍ਰੰਥੀ ਸਭਾ ਦੇ ਮੈਂਬਰਾਂ ਨੂੰ ਨਗਰਾਂ ਨਗਰਾਂ ਵਿਚ ਦੌਰੇ ਕਰਨ ਲਈ ਕਿਹਾ, ਅਨੇਕਾਂ ਉਪਰਾਲੇ ਕੀਤੇ, ਜਿਨ੍ਹਾਂ ਨੇ ਸੰਗਤਾਂ ਨੂੰ ਜਾਗਰੂਕ ਕੀਤਾ। ਬਾਬਾ ਜੀ ਦੀ ਵਿਸ਼ੇਸ਼ ਪ੍ਰੇਰਨਾ ਅਤੇ ਰਹਿਨੁਮਾਈ ਅੰਦਰ ਗੁਰੂ ਕੇ ਵਜ਼ੀਰ (ਗ੍ਰੰਥੀ ਸਿੰਘ ਸਾਹਿਬਾਨ) ਪਾਠੀ ਸਿੰਘ ਸਾਹਿਬਾਨਾਂ ਨੂੰ ਪਿਆਰ, ਪ੍ਰੇਮ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸੇਵਾ-ਸੰਭਾਲ ਲਈ ਪ੍ਰੇਰਿਤ ਕੀਤਾ ਅਤੇ ਕਰ ਰਹੇ ਹਨ।

 

ਯਾਦ ਰਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਦੀ ਇਹ ਲੜੀ ਸਿਰਫ 1997 ਵਿੱਚ ਹੀ ਨਹੀਂ ਆਰੰਭ ਹੋਈ, ਸਗੋਂ ਬਾਬਾ ਜੀ ਬਚਪਨ ਤੋਂ ਹੀ ਜਿੱਥੇ ਨਾਮ ਬਾਣੀ ਦੇ ਨਾਲ ਬੱਚਿਆਂ, ਬਜ਼ੁਰਗਾਂ, ਮਾਈਆਂ, ਭਾਈਆਂ, ਬੀਬੀਆਂ ਨੂੰ ਜੋੜਿਆ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਰੱਬੀ ਜੋਤਿ “ਵਾਹੁ ਵਾਹੁ ਬਾਣੀ ਨਿਰੰਕਾਰ ਹੈ” ਦੇ ਰੂਪ ਵਿਚ ਪਿਆਰ ਸਤਿਕਾਰ ਲਈ ਪ੍ਰੇਰਿਤ ਕੀਤਾ। ਬਚਪਨ ਤੋਂ ਹੀ ਬਾਬਾ ਜੀ ਦੇ ਦਿਲ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਲਈ ਅਥਾਹ ਪਿਆਰ ਵਿਦਿਤ ਹੈ। ਉਹ ਆਪਣੇ ਨਾਲ ਬੱਚਿਆਂ ਦਾ ਇਕ ਤਿਆਰ-ਬਰ-ਤਿਆਰ ਜੱਥਾ ਲੈ ਕੇ ਜਿਥੇ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਮੂਲ ਮੰਤਰ ਅਤੇ ਹੋਰ ਬੇਅੰਤ ਬਾਣੀ ਪੜ੍ਹਦੇ ਪੜ੍ਹਾਉਂਦੇ, ਪਾਠ ਕਰਦੇ ਕਰਾਉਂਦੇ, ਛੋਟੇ ਬੱਚਿਆਂ ਅਤੇ ਵੱਡਿਆਂ ਨੂੰ ਵੀ ਸ਼ੁੱਧ ਬਾਣੀ ਪੜ੍ਹਨ ਦੀ ਸੰਥਿਆਂ ਦਿੰਦੇ। ਜਿਸਦੇ ਨਾਲ ਅਨੇਕਾਂ ਬੱਚੇ-ਬੱਚੀਆਂ, ਬਜ਼ੁਰਗ, ਮਾਈ-ਭਾਈ, ਬਾਣੀ ਬਾਣੇ ਵਿਚ ਪ੍ਰਪੱਕ ਹੋਏ, ਅੰਮ੍ਰਿਤਧਾਰੀ ਅਤੇ ਨਿਤਨੇਮੀ ਬਣੇ। ਇਹ ਸਾਰੇ ਹੀ ਭੈ ਭਾਵਨੀ ਵਾਲੇ ਸੇਵਾ ਸਿਮਰਨ ਨਾਲ ਪਿਆਰ ਕਰਨ ਵਾਲੇ ਸਿੰਘ ਸਜੇ। ਬਾਬਾ ਜੀ ਬਚਪਨ ਤੋਂ ਹੀ ਅਨੇਕਾਂ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਤੇ ਸੁੱਖ ਆਸਣ ਦੀ ਸੇਵਾ ਬਹੁਤ ਹੀ ਭੈ ਭਾਵਨੀ ਨਾਲ ਕਰਦੇ ਕਰਾਉਂਦੇ, ਕਈ ਵਾਰ ਤਾਂ ਗੁਰੂ ਮਹਾਰਾਜ ਜੀ ਦੇ ਪਿਆਰ ਵਿਚ ਮਸਤ ਹੋ ਕੇ ਘੰਟਿਆਂ ਬੱਧੀ ਪ੍ਰਕਾਸ਼ ਅਤੇ ਸੁੱਖ ਆਸਣ ਦੀ ਸੇਵਾ ਨੂੰ ਲੱਗ ਜਾਂਦੇ। ਗਰਮੀ ਦੇ ਮੌਸਮ ਵਿੱਚ ਆਪ ਜੀ ਕਿੰਨਾ-ਕਿੰਨਾ ਚਿਰ ਸਤਿਗੁਰਾਂ ਨੂੰ ਚੌਰ ਝੁਲਾਉਣ ਦੀ ਸੇਵਾ, ਪੱਖਾ ਝੱਲਣ ਦੀ ਸੇਵਾ ਕਰਦੇ ਕਰਾਉਂਦੇ ਰਹਿੰਦੇ। ਆਪ ਜੀ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵ ਕਮਾਉਂਦੇ ਸੀ ਅਤੇ ਅਕਸਰ ਹੀ ਆਪ ਅਤੇ ਭੁਝੰਗ ਫੌਜਾਂ ਤੋਂ ਫੁੱਲਾਂ ਦੀ ਵਰਖਾ ਗੁਰੂ ਸਾਹਿਬ ਤੇ ਕਰਵਾਉਂਦੇ, ਇਸ ਸੇਵਾ ਲਈ ਸਪੈਸ਼ਲ ਫੁੱਲ ਤਿਆਰ ਕਰਦੇ ਜਾਂ ਭਾਲ ਕਰਕੇ ਲਿਆਉਂਦੇ।

 

ਬਾਬਾ ਜੀ ਕਈ ਵਾਰੀ ਅਰਦਾਸ ਕਰਦੇ-ਕਰਦੇ ਅਰਦਾਸ ਦਾ ਹੀ ਰੂਪ ਹੋ ਜਾਂਦੇ ਸਨ ਤੇ ਘੰਟਿਆਂ ਬੱਧੀ ਉਸੇ ਮੁਦਰਾ ਦੇ ਵਿੱਚ ਅਹਿੱਲ ਅਤੇ ਲੀਨ ਹੋ ਜਾਂਦੇ ਸਨ, ਜਿੱਥੋਂ ਪਤਾ ਲੱਗਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ “ਪ੍ਰਗਟ ਗੁਰਾਂ ਕੀ ਦੇਹ” ਪ੍ਰਤੱਖ ਰੱਬੀ ਰੂਪ ਦੇ ਵਿੱਚ ਅਤੇ ਕਿਹੋ ਜਿਹੀ ਭੈ ਭਾਵਨੀ ਵਿੱਚ ਸੇਵਾ ਕਰਦੇ ਸਨ। ਜਿਸ ਵਿਚ ਅਕਹਿ ਰਸ ਅਤੇ ਅਕਹਿ ਅਨੰਦ ਜੋ “ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨੁ” ਕਿਹਾ ਜਾ ਸਕਦਾ ਹੈ।

 

ਜਦੋਂ ਕਿ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਸਭ ਰਸਮਾਂ ਦਿਖਾਵੇ ਮਾਤਰ ਪੂਰੀਆਂ ਕਰਦੇ ਹਾਂ, ਜਦਕਿ ਇਹ ਇਕ ਵੱਡੀ ਭਗਤੀ ਭਾਵਨਾ ਹੈ, ਅੱਜ ਦੇ ਕਈ ਲੋਕ ਇਸ ਭਗਤੀ ਭਾਵਨਾ, ਸੇਵਾ ਭਾਵਨਾ ਦੇ ਆਨੰਦ ਰਸ ਨੂੰ ਨਾ ਸਮਝਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨੂੰ ਇਕ ਗ੍ਰੰਥ ਪੋਥੀ ਸਮਝਦੇ ਹੋਏ ਗੁਰੂ ਮਹਾਰਾਜ ਦੇ ਸਤਿਕਾਰ ਦੀ ਨਿੰਦਾ ਕਰਦੇ ਹਨ।

 

ਬਾਬਾ ਜੀ ਬਚਨ ਕਰਿਆ ਕਰਦੇ ਹਨ ਕਿ ਜੇਕਰ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰੋਗੇ ਤਾਂ ਸਤਿਗੁਰਾਂ ਦੀ ਸੇਵਾ ਦੁਆਰਾ ਜਿੱਥੇ ਤੁਹਾਨੂੰ ਅਕਹਿ ਰਸ, ਅਨੰਦ ਦੀ ਪ੍ਰਾਪਤੀ ਹੋਵੇਗੀ, ਉਥੇ ਤੁਹਾਡੇ ਹਿਰਦੇ ਦੇ ਵਿਚ ਸਤਿਗੁਰ ਦੀ ਸੇਵਾ ਦੁਆਰਾ ਅਦਭੁਤ ਗਿਆਨ (ਅਸਚਰਜ ਗਿਆਨ) ਬ੍ਰਹਮ ਗਿਆਨ ਦਾ ਸੋਮਾ ਪਰਗਟ ਹੋਵੇਗਾ। ਜਿੱਥੇ ਸਤਿਗੁਰਾਂ ਦੀ ਸੇਵਾ ਲੋਕ ਪਰਲੋਕ ਸੰਵਾਰਨ ਵਾਲੀ ਅਤੇ ਚਾਰੇ ਪਦਾਰਥ ਦੇਣ ਵਾਲੀ ਹੈ, ਉਥੇ ਇਹ ਸੇਵਾ ਹਿਰਦੇ ਦੇ ਵਿਚ ਬ੍ਰਹਮ ਗਿਆਨ ਪ੍ਰਗਟਾਅ ਕੇ ਮੁਕਤੀ ਪ੍ਰਦਾਨ ਕਰਦੀ ਹੈ। ਬਾਬਾ ਜੀ ਨੇ ਖ਼ੁਦ ਬਚਪਨ ਤੋਂ ਲੈ ਕੇ ਲਗਾਤਾਰ ਸਾਲਾਂ ਦੇ ਸਾਲ ਲੰਬੇ ਅਰਸੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਸ਼ਕਾਮ ਸੇਵਾ ਹੱਥੀਂ ਕੀਤੀ ਅਤੇ ਕਰਵਾਈ, ਜੋ ਕਿ ਅੱਜ ਵੀ ਜਾਰੀ ਹੈ। ਇਥੋਂ ਤੱਕ ਜੋ ਵੀ ਬਾਬਾ ਜੀ ਨੂੰ ਕੋਈ ਵਸਤੂ ਭੇਟਾ ਕਰਨੀ ਚਾਹੁੰਦਾ ਤਾਂ ਉਹ ਤਤਕਾਲ ਹੀ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ ਭੇਟਾ ਕਰਨ ਲਈ ਪ੍ਰੇਰਿਤ ਕਰ ਦਿੰਦੇ। ਜਿਸ ਤੋਂ ਪ੍ਰੇਰਨਾ ਲੈ ਕੇ ਅਨੇਕਾਂ ਹੀ ਪ੍ਰੇਮੀ ਜੀਵੜੇ ਸਤਿਗੁਰਾਂ ਦੀ ਭੈ ਭਾਵਨੀ ਵਿਚ ਆਏ। ਅੱਜ ਵੀ ਤਪੋਬਣ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ੇਸ਼ ਸਤਿਕਾਰ ਤੋਂ ਅਨੇਕਾਂ ਸੰਗਤਾਂ ਪ੍ਰੇਰਿਤ ਹੁੰਦੀਆਂ ਹਨ।

 

ਬਾਬਾ ਜੀ ਸੰਗਤਾਂ ਨੂੰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੇ ਲਈ ਪ੍ਰੇਰਿਤ ਕਰਦੇ ਹਨ ਭਾਵੇਂ ਕਿ ਜੋਰੋ-ਜਬਰੀ ਸੰਗਤਾਂ ਬਾਬਾ ਜੀ ਦਾ ਸਤਿਕਾਰ ਕਰਦੀਆਂ ਹਨ। ਪਰ ਉਹ ਸਤਿਸੰਗ ਦੀਵਾਨਾ ਵਿੱਚ ਇੱਥੋਂ ਤੱਕ ਕਹਿੰਦੇ ਹਨ ਕਿ ਸਾਡੇ ਖੁਰਾਂ (ਪੈਰਾਂ) ਨੂੰ ਹੱਥ ਨਹੀਂ ਲਾਉਣਾ। ਮੱਥਾ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਟੇਕੋ, ਅਸੀਂ ਸਤਿਗੁਰਾਂ ਦੇ ਕੂਕਰ ਹਾਂ, ਸੇਵਕ ਹਾਂ, ਸੇਵਕਾਂ ਨੂੰ ਮੱਥਾ ਨਾ ਟੇਕੋ। ਬਾਬਾ ਜੀ ਨੇ ਬਚਪਨ ਤੋਂ ਹੀ ਬਹੁਤ ਸਾਰੇ ਨਗਰਾਂ ਦੇ ਵਿਚ ਸਤਿਗੁਰਾਂ ਵਾਸਤੇ ਸੁੰਦਰ ਪਲੰਘ ਬਣਵਾਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਟਰੰਕਾਂ, ਅਲਮਾਰੀਆਂ ਵਿੱਚੋਂ ਕਢਵਾ ਕੇ ਪਲੰਘਾਂ ਤੇ ਬਿਰਾਜਮਾਨ ਕਰਵਾਏ। ਗੁਰੂ ਮਹਾਰਾਜ ਜੀ ਦੇ ਸਤਿਕਾਰ ਵਾਸਤੇ ਜੱਥੇ ਦੇ ਤਿਆਰ ਬਰ ਤਿਆਰ ਛੋਟੇ ਭੁਝੰਗੀਆਂ ਦਾ ਬੈਂਡ ਪਾਰਟੀ ਦਾ ਜੱਥਾ ਤਿਆਰ ਕੀਤਾ ਜੋ ਕਿ ਸਤਿਗੁਰਾਂ ਦੇ ਪਾਵਨ ਸਰੂਪ ਲਿਆਉਣ ਅਤੇ ਲਿਜਾਣ ਲਈ ਸੇਵਾ ਵਿਚ ਹਮੇਸ਼ਾਂ ਤਿਆਰ ਬਰ ਤਿਆਰ ਰਹਿੰਦਾ ਹੈ। ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਗ੍ਰੰਥੀ ਸਭਾਵਾਂ ਬਣਾ ਕੇ, ਸੈਂਕੜੇ ਗ੍ਰੰਥੀ ਸਿੰਘਾਂ ਦੀਆਂ ਮੀਟਿੰਗਾਂ ਸੱਦ-ਸੱਦ ਕੇ ਵਿਚਾਰ ਗੋਸ਼ਟੀਆਂ, ਉਪਰਾਲੇ ਕਰਦੇ ਆ ਰਹੇ ਹਨ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੰਦਰੂਨੀ ਅਤੇ ਬਾਹਰੂਨੀ ਦੋਵੇਂ ਤਰ੍ਹਾਂ ਦੇ ਸਤਿਕਾਰ ਤੇ ਜੋਰ ਦਿੱਤਾ ਜਾਂਦਾ ਹੈ।

 

ਜਿੱਥੇ ਜੱਥੇ ਨੇ, ਬਾਬਾ ਜੀ ਨੇ ਨਗਰਾਂ-ਨਗਰਾਂ ਵਿੱਚ ਜਾ ਕੇ ਗੁਰਬਾਣੀ ਦਾ ਹੋਕਾ ਦਿੱਤਾ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਵਿਸ਼ੇਸ਼ ਪ੍ਰਚਾਰ ਕੀਤਾ। ਸਤਿਗੁਰਾਂ ਦੇ ਪਾਵਨ ਸਰੂਪ ਲਿਆਉਣ ਅਤੇ ਲਿਜਾਣ ਲਈ ਛਤਰ ਬਣਵਾ ਕੇ ਪਿੰਡੋਂ ਪਿੰਡੀਂ, ਨਗਰੋਂ ਨਗਰੀ ਇੱਕ ਵਿਲੱਖਣ ਪ੍ਰੰਪਰਾ ਹੀ ਤੋਰ ਦਿੱਤੀ ਜਿਸ ਨੂੰ ਕਿ ਬਾਅਦ ਵਿੱਚ ਜਰੂਰੀ ਸਮਝਿਆ ਜਾਣ ਲੱਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੱਗ ਸੁੱਖ ਆਸਣ ਅਸਥਾਨ ਅਤੇ ਸੁੰਦਰ ਪਲੰਘ ਸਾਹਿਬ ਬਣਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਸਤਿਗੁਰੂ, ਰੱਬੀ ਜੋਤ ਅਤੇ ਪ੍ਰਗਟ ਗੁਰਾਂ ਕੀ ਦੇਹ ਕਰ ਜਾਨਣ ਲਈ ਜੋਰ-ਸ਼ੋਰ ਨਾਲ ਹੋਕਾ ਦਿੱਤਾ। ਬਾਬਾ ਜੀ ਨੇ ਆਪਣੇ ਪ੍ਰਚਾਰ ਦਾ ਸਦਕਾ ਜਿੱਥੇ ਹਜ਼ਾਰਾਂ ਭੁੱਲੇ ਭਟਕਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਉੱਥੇ ਹਜ਼ਾਰਾਂ ਲੋਕਾਂ ਨੂੰ ਗੁਰਬਾਣੀ ਦੇ ਨਿਤਨੇਮੀ ਬਣਾਇਆ ਅਨੇਕਾਂ ਗ੍ਰੰਥੀ ਸਿੰਘ, ਪਾਠੀ ਸਿੰਘ ਬਣਾਏ। ਹਮੇਸ਼ਾਂ ਵੱਧ ਤੋਂ ਵੱਧ ਗੁਰਬਾਣੀ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਹੁਣ ਵੀ ਤਪੋਬਣ ਵਿਖੇ ਗੁਰੂਕੁਲ ਸੰਥਿਆ ਕੇਂਦਰ ਵਿੱਚ ਅਨੇਕਾਂ ਗੁਰਸਿੱਖ ਬੱਚੇ ਬੱਚੀਆਂ ਸ਼ੁੱਧ ਬਾਣੀ ਪੜਨ ਦੀ ਸੰਥਿਆ ਲੈ ਰਹੇ ਹਨ ਅਤੇ ਆਪਣਾ ਜੀਵਨ ਸਫਲਾ ਕਰ ਰਹੇ ਹਨ।

 

ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾਂ ਪ੍ਰੇਮ ਪੂਰਤ, ਭਗਤੀ ਭਾਵਨਾ, ਸ਼ਰਧਾ ਸੰਜੁਗਤ ਸਹਿਜ ਪਾਠ ਕੀਤੇ। ਇਥੋਂ ਤੱਕ ਇੱਕ ਚੌਂਕੜੇ ਹੋ ਕੇ ਕਿੰਨੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਅਖੰਡ ਪਾਠ ਵੀ ਸ੍ਰਵਣ ਕੀਤੇ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਬੇਅੰਤ ਪਾਠ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਮੂਲ ਮੰਤ੍ਰ ਦੇ ਜਾਪ ਕੀਤੇ। ਸਾਰੀ-ਸਾਰੀ ਰਾਤ ਗੁਰਬਾਣੀ ਦੇ ਅਖੰਡ ਕੀਰਤਨ ਰੂਪ ਅੰਮ੍ਰਿਤ ਰਸ ਨੂੰ ਪੀਵਿਆ ਅਤੇ ਸੰਗਤਾਂ ਨੂੰ ਪਿਆਇਆ। ਕਈ ਵਾਰੀ ਬੜੀਆਂ ਅਦਭੁੱਤ ਕੀਰਤਨ ਕਲਾ ਵਾਪਰਦੀਆਂ ਅੱਖੀਂ ਪੇਖੀਆਂ ਸੁਣੀਆਂ। ਸੱਚਮੁੱਚ ਬਾਣੀ ਅੰਮ੍ਰਿਤ ਹੈ। ਬਾਬਾ ਜੀ ਦੱਸਦੇ ਹੁੰਦੇ ਹਨ ਕਿ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਗਾਉਣਾ, ਵਿਚਾਰਨਾ ਕੋਈ ਫੋਕੀ ਕਾਰ ਨਹੀਂ, ਕੋਈ ਕਰਮ-ਕਾਂਡ ਨਹੀਂ, ਸਗੋਂ ਅੰਮ੍ਰਿਤ ਰਸ ਨੂੰ ਪੀਵਣਾ ਹੈ।

 

ਤਪੋਬਣ ਵਿਖੇ ਲਗਾਤਾਰ ਦਿਨ-ਰਾਤ ਨਾਮ ਸਿਮਰਨ ਭਗਤੀ ਦੇ ਅਤੁੱਟ ਜਪ-ਤਪ ਦੇ ਨਾਲ, 24 ਘੰਟੇ ਨਾਮ ਬਾਣੀ ਦੇ ਪ੍ਰਵਾਹ ਚੱਲਦੇ ਰਹਿੰਦੇ। ਬਾਬਾ ਜੀ ਸਾਰੀ-ਸਾਰੀ ਰਾਤ ਲਗਾਤਾਰ 7-7, 8-8 ਘੰਟੇ ਗੁਰਬਾਣੀ ਦੇ ਅਖੰਡ ਕੀਰਤਨ ਕਰਦੇ। ਪ੍ਰਭੂ ਪ੍ਰੇਮ ਦੇ ਵਿੱਚ ਕੀਰਤਨ ਸਮਾਧੀਆਂ ਵਿੱਚ ਮਸਤ ਰਹਿੰਦੇ। ਸੱਚਮੁੱਚ ਕੀਰਤਨ ਕਰਦੇ-ਕਰਦੇ ਕਦੇ ਅੱਕਦੇ-ਥੱਕਦੇ ਜਾਂ ਰੱਜਦੇ ਨਹੀਂ। ਇਹ ਸਭ ਅੱਖੀਂ ਦੇਖੇ ਨਜ਼ਾਰੇ ਹਨ, ਜੋ “ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ” ਹੈ। ਇਹ ਕੀਰਤਨ ਅਖਾੜੇ ਦਿਨ-ਰਾਤ ਲਗਾਤਾਰ ਚੱਲਦੇ ਰਹਿੰਦੇ, ਟਿਕੀਆਂ ਹੋਈਆਂ ਰਾਤਾਂ ਜੰਗਲ ਦੇ ਵਿੱਚ ਮੰਗਲ, ਪ੍ਰਭੂ ਨਾਮ ਦੀਆਂ ਗੂੰਜਾਂ ਸੱਚਮੁੱਚ ਸੱਚਾ ਬੈਕੁੰਠ ਧਰਤੀ ਤੇ ਦੇਖੀਦਾ ਹੈ ਜਿਸਦਾ ਕੋਈ ਹੱਦ ਬੰਨਾ, ਗਿਣਤੀ-ਮਿਣਤੀ ਜਾਂ ਥਾਹ ਨਹੀਂ ਪਾਇਆ ਜਾ ਸਕਦਾ ਸੱਚਮੁੱਚ! ਪ੍ਰਭੂ ਬੇਅੰਤ ਹੈ, ਸਤਿਗੁਰਾਂ ਦੀ ਬਾਣੀ ਬੇਅੰਤ ਹੈ, ਪ੍ਰਭੂ ਦੇ ਪਿਆਰੇ ਵੀ ਬੇਅੰਤ ਹਨ।

 

ਆਓ ਪਰਮੇਸ਼ਰ ਦੀ ਸੱਚੀ ਭਗਤੀ ਕਰੀਏ, ਸਤਿਗੁਰਾਂ ਦੇ ਸ਼ਰਧਾ-ਪਿਆਰ ਵਿੱਚ ਡੁੱਬ ਜਾਈਏ, ਪ੍ਰਭੂ-ਪ੍ਰੇਮ ਦੇ ਸਾਗਰ ਵਿੱਚ ਗੋਤੇ ਲਾਈਏ, ਜ਼ਿੰਦਗੀ ਦਾ ਸੱਚਾ ਅਨੰਦ, ਸੱਚਾ ਰਸ ਪ੍ਰਾਪਤ ਕਰੀਏ ਅਤੇ ਜ਼ਿੰਦਗੀ ਦੀ ਅਸਲੀਅਤ ਸੱਚਾਈ ਨੂੰ ਸਮਝੀਏ ਤੇ ਪਰਖੀਏ ਕਿ ਸਾਨੂੰ ਮਨੁੱਖਾ ਜਨਮ ਕਿਉਂ ਕਰ ਪ੍ਰਾਪਤ ਹੋਇਆ ਹੈ। ਜਿੱਥੇ ਅਸੀਂ ਗੁਰਬਾਣੀ ਭੈ ਭਾਵਨੀ ਨਾਲ ਪੜ੍ਹ, ਸੁਣ, ਗਾ, ਵਿਚਾਰ, ਕਮਾ ਕੇ ਹਿਰਦੇ ਵਿਚ ਵਸਾਉਣੀ ਹੈ, ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਹਰੂਨੀ ਸਤਿਕਾਰ ਵੀ ਅਤਿ ਲੋੜੀਂਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਕ ਗ੍ਰੰਥ ਪੋਥੀ ਹੀ ਨਹੀਂ ਹਨ ਇਹ ਧੁਰ ਕੀ ਬਾਣੀ “ਵਾਹੁ ਵਾਹੁ ਬਾਣੀ ਨਿਰੰਕਾਰ ਹੈ” ਦਾ ਸਰੂਪ ਹੈ ਅਤੇ ਗੁਰੂ ਨਾਨਕ ਜੀ ਦੀ ਅਕਾਲੀ, ਰੱਬੀ ਜੋਤਿ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਗੁਰੂ ਦਾ ਦਰਜਾ ਹਾਸਲ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦੀ ਗਿਆਰਵੀਂ ਜੋਤਿ ਹੈ।

 

ਆਓ ਅਸੀਂ ਸਾਰੇ ਰਲ ਮਿਲਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰੀਏ, ਕਰਵਾਈਏ ਜੋ ਕਿ ਸਾਡਾ ਸਭ ਦਾ ਮੁਢਲਾ ਪਰਮ ਫਰਜ਼ ਹੈ।

 

ਜੋ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਹਿਰਦੇ ਵੇਧਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਕਾਂਡ ਵਾਪਰੇ ਜਿਸਦੇ ਨਾਲ ਸਭਦੇ ਹਿਰਦੇ ਵਲੂੰਧਰੇ ਗਏ, ਦਿਲ ਕੁਰਲਾ ਉਠਿਆ। ਅਸੀਂ ਸਾਰੇ ਰਲਕੇ ਹੰਭਲਾ ਮਾਰੀਏ, ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਮਹਾਂ ਦੁਸ਼ਟਾਂ ਨੂੰ ਮੂੰਹ ਤੋੜਵਾਂ ਜਵਾਬ ਦੇਈਏ। ਜਿਸ ਤਰਾਂ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿੱਚ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ 14 ਦੋਸ਼ੀਆਂ ਨੂੰ ਲੰਮੀ ਜੱਦੋ ਜਹਿਦ ਨਾਲ ਮਾਣਯੋਗ ਅਦਾਲਤ ਵੱਲੋਂ ਸਜ਼ਾਵਾਂ ਕਰਵਾਈਆਂ ਗਈਆਂ ਹਨ ਅਤੇ ਬਾਕੀ ਬਚੇ ਦੋਸ਼ੀਆਂ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਕਾਨੂੰਨੀ ਚਾਰਾਜੋਈ ਜਾਰੀ ਹੈ। ਪ੍ਰਭੂ ਦੀ ਦਰਗਾਹ ਵਿੱਚ ਜੋ ਸਜ਼ਾ ਉਹਨਾਂ ਨੂੰ ਮਿਲਣੀ ਹੈ ਉਹ ਤਾਂ ਮਿਲਣੀ ਹੀ ਹੈ, ਅਸੀਂ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਅਤੇ ਆਪਸ ਵਿੱਚ ਇੱਕ ਦੂਸਰੇ ਦੀ ਨਿੰਦਿਆ ਕਰਕੇ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰਦੇ ਹੋਏ, ਇਹੋ ਜਿਹੇ ਮਹਾਂ ਦੁਸ਼ਟ ਲੋਕਾਂ ਨੂੰ ਕਾਨੂੰਨਨ ਤੌਰ ਤੇ ਸਖ਼ਤ ਸਜਾਵਾਂ ਦਿਵਾਈਏ ਤਾਂ ਜੋ ਮੁੜਕੇ ਇਹੋ ਜਿਹੇ ਦੋਖੀਆਂ ਦਾ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਹੀਆ ਨਾ ਪਵੇ ਅਤੇ ਇਸ ਤਰਾਂ ਦੀਆਂ ਘਟਨਾਵਾਂ ਦੇ ਦੋਸ਼ੀਆਂ ਅਤੇ ਓਹਨਾਂ ਦੀ ਮਦਦ ਕਰਨ ਵਾਲਿਆਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਅਤੇ ਓਹਨਾਂ ਨਾਲ ਕਿਸੇ ਵੀ ਪ੍ਰਕਾਰ ਦੀ ਸਾਂਝ ਨਾ ਰੱਖੀ ਜਾਵੇ।

 

ਅੱਜ ਸਾਨੂੰ ਲੋੜ ਹੈ ਸੁਚੇਤ ਅਤੇ ਇੱਕ ਹੋਣ ਦੀ ਅਤੇ “ਏਕ ਪਿਤਾ ਏਕਸੁ ਕੇ ਹਮ ਬਾਰਿਕ” ਦੇ ਧਾਰਨੀ ਬਣਨ ਦੀ ਤਾਂ ਜੋ ਮੁੜ ਅਜਿਹੀਆਂ ਦੁਖਦਾਇਕ ਘਟਨਾਵਾਂ ਕਦੇ ਵੀ ਨਾ ਵਾਪਰਨ। ਭੁੱਲ ਚੁੱਕ ਦੀ ਮੁਆਫ਼ੀ।

 

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

 

ਵੱਲੋ: ਭਾਈ ਗੁਰਦੀਪ ਸਿੰਘ, ਭਾਈ ਕੁਲਵਿੰਦਰ ਸਿੰਘ, ਜੱਥਾ ਗੁਰਦੁਆਰਾ ਤਪੋਬਣ ਸਾਹਿਬ ਮਕਸੂਦੜਾ, ਲੁਧਿਆਣਾ
ਹੋਰ ਜਾਣਕਾਰੀ ਲਈ ਹੇਠ ਲਿਖੇ ਮੋਬਾਈਲ ਨੰ. ਤੇ ਸੰਪਰਕ ਕਰੋ: 98728-88550 95923-71668