ਸ਼੍ਰੋਮਣੀ ਸੰਤ ਖਾਲਸਾ ਦਲ – Shiromani Sant Khalsa Dal

SSKD-Picture1

 

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

 

ਭਾਵੇਂ ਸ਼੍ਰੋਮਣੀ ਸੰਤ ਖਾਲਸਾ ਦਲ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੀ ਸਥਾਪਨਾ ਸਮੂਹ ਸੰਗਤ ਅਤੇ ਬਾਬਾ ਜੀ ਵੱਲੋਂ 1998 ਵਿੱਚ ਕੀਤੀ ਗਈ ਸੀ, ਪ੍ਰੰਤੂ ਸੰਗਤ ਦੀ ਜਾਣਕਾਰੀ ਹਿੱਤ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਬਾਬਾ ਜੀ ਦਾ ਬਾਣੀ ਬਾਣੇ ਨਾਲ ਪਿਆਰ ਬਚਪਨ ਤੋਂ ਹੀ ਸੀ। ਸੰਤ ਖਾਲਸਾ ਜੀ ਨੇ ਗੁਰਮਤਿ ਪ੍ਰਚਾਰ ਤਕਰੀਬਨ 30 ਸਾਲ ਪਹਿਲਾਂ ਢੱਕੀ ਸਾਹਿਬ ਆ ਕੇ ਹੀ ਨਹੀਂ ਅਰੰਭ ਕੀਤਾ, ਸਗੋਂ ਉਹਨਾਂ ਨੇ ਬਚਪਨ ਤੋਂ ਹੀ ਬਾਣੀ ਬਾਣੇ ਵਿੱਚ ਪ੍ਰਪੱਕ ਰਹਿੰਦੇ ਹੋਏ ਸੰਗਤਾਂ, ਲੋਕਾਂ, ਬੱਚਿਆਂ-ਬਜ਼ੁਰਗਾਂ ਨੂੰ ਜੋ ਵੀ ਉਹਨਾਂ ਦੇ ਸੰਪਰਕ ਵਿੱਚ ਆਇਆ ਉਸਨੂੰ ਬਾਣੀ-ਬਾਣੇ ਨਾਲ ਜੋੜਿਆ। ਖਾਲਸਾ ਜੀ ਦੇ ਪ੍ਰਭਾਵਸ਼ਾਲੀ ਬਚਨਾਂ ਤੋਂ ਪ੍ਰਭਾਵਿਤ ਹੋਏ ਅਨੇਕਾਂ ਨੇ ਗੁਰਸਿੱਖੀ ਜੀਵਨ ਧਾਰਨ ਕਰਕੇ ਅੰਮ੍ਰਿਤਪਾਨ ਕੀਤਾ, ਨਿਤਨੇਮੀ ਬਣੇ ਅਤੇ ਭਗਤੀ ਦੇ ਮਾਰਗ ਨੂੰ ਅਪਣਾਇਆ। ਬਾਲਪਨ ਤੋਂ ਹੀ ਸੰਤ ਖਾਲਸਾ ਜੀ ਨੇ ਰਹਿਤ-ਬਹਿਤ ਨੂੰ ਭਗਤੀ ਦਾ ਹੀ ਪ੍ਰਮੁੱਖ ਅੰਗ ਮੰਨਦੇ ਹੋਏ ਛੋਟੀ ਤੋਂ ਛੋਟੀ ਰਹਿਤ ਨੂੰ ਗੁਰਸਿੱਖੀ ਅਤੇ ਖਾਲਸਾਈ ਦ੍ਰਿੜਤਾ ਨਾਲ ਕਮਾਇਆ ਅਤੇ ਗੁਰਮਤਿ ਬਿਬੇਕ ਦੇ ਅਸੂਲਾਂ ਨੂੰ ਅਪਣਾਇਆ। ਉਹਨਾਂ ਨੇ ਗੁਰੂ ਬਖਸ਼ੇ ਕਕਾਰਾਂ ਨੂੰ ਹਮੇਸ਼ਾ ਗੁਰੂ ਕੇ ਗਹਿਣੇ ਜਾਣਕੇ ਪਿਆਰ ਕੀਤਾ, ਮਜ਼ਬੂਰੀ ਵਸ ਨਹੀਂ ਸਗੋਂ ਸਿਦਕ, ਪ੍ਰੇਮਾ ਭਗਤੀ ਦੇ ਰੂਪ ਵਿੱਚ ਪ੍ਰੇਮ ਵਸ ਹੋ ਕੇ ਕਮਾਇਆ।

 

ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ॥

 

ਦੇ ਅਨੁਸਾਰ ਰਹਿਤ ਪਿਆਰ ਨੂੰ ਭਗਤੀ ਵੱਜੋਂ ਕਮਾਇਆ। ਬਾਣੀ ਬਾਣੇ ਵਿੱਚ ਪ੍ਰਪੱਕ ਸਿੰਘਾਂ ਦਾ ਉਹ ਵਿਸ਼ੇਸ਼ ਸਤਿਕਾਰ ਕਰਦੇ ਸਨ। ਗੁਰਸਿੱਖਾਂ ਨੂੰ ਗੁਰੂ ਕੇ ਪਰਮ ਪਿਆਰੇ ਜਾਣਕੇ ਗੁਰਸਿੱਖਾਂ ਤੋਂ ਘੋਲ ਘੁਮਾਉਂਦੇ ਸਨ ਅਤੇ
ਗੁਰਸਿੱਖਾਂ ਦੀ ਸੇਵਾ ਗੁਰੂ ਕੀ ਸੇਵਾ ਜਾਣਕੇ ਕਮਾਉਂਦੇ ਸਨ। ਸਿੰਘਾਂ ਨੂੰ ਆਪਣੇ ਕੋਲੋਂ ਸਰਬ ਲੋਹ ਦੇ ਬਾਟੇ, ਗੜਵੇ, ਕਕਾਰ, ਚੋਲੇ, ਗਾਤਰੇ, ਕਛਹਿਰੇ ਆਦਿ ਹੋਰ ਵਰਤੋਂ ਦਾ ਸਮਾਨ ਬੜੇ ਪਿਆਰ ਅਤੇ ਸ਼ਰਧਾ ਵੱਜੋਂ ਬਣਵਾ ਕੇ ਦਿਆ ਕਰਦੇ ਸਨ। ਇਥੋਂ ਤੱਕ ਆਪਣਾ ਪ੍ਰਸ਼ਾਦਾ ਤੱਕ ਵੀ ਗੁਰੂ ਕੇ ਬਿਬੇਕੀ ਸਿੰਘਾਂ ਨੂੰ ਖ਼ੁਦ ਭੁੱਖਾ ਰਹਿਕੇ ਉਹਨਾਂ ਨੂੰ ਛਕਾ ਕੇ ਖੁਸ਼ੀ ਮਹਿਸੂਸ ਕਰਦੇ ਸਨ। ਆਪ ਜੀ ਖ਼ੁਦ ਵੀ ਸਰਬ ਲੋਹ ਨੂੰ ਤਰਜੀਹ ਦਿੰਦੇ ਸਨ ਅਤੇ ਜਿਆਦਾਤਰ ਸਰਬ ਲੋਹ ਬਰਤਨਾਂ ਵਿੱਚ ਹੀ ਛਕਦੇ ਸਨ ਕਿਉਂਕਿ ਦਸ਼ਮੇਸ਼ ਪਿਤਾ ਜੀ ਦੇ ਬਚਨਾਂ ਅਨੁਸਾਰ ਗੁਰੂ ਕੇ ਬਾਣੇ ਨਾਲ ਹੀ ਗੁਰੂ ਕੇ ਖਾਲਸੇ ਦੀ ਲੱਖਾਂ ਅਨਮਤੀਏ ਲੋਕਾਂ ਵਿੱਚ ਵੱਖਰੀ ਪਹਿਚਾਣ ਹੈ।

 

ਜਬ ਲਗ ਖਾਲਸਾ ਰਹੈ ਨਿਆਰਾ॥
ਤਬ ਲਗ ਤੇਜ ਦੀਊ ਮੈਂ ਸਾਰਾ॥

 

ਦੇ ਰੂਪ ਵਿੱਚ ਬਾਬਾ ਜੀ ਨੇ ਬਚਪਨ ਤੋਂ ਹੀ ਪ੍ਰੇਰਨਾ ਕਰ ਕਰਕੇ ਅਨੇਕਾਂ ਮਾਈਆਂ-ਬੀਬੀਆਂ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ ਅਤੇ ਇੱਕ ਵੱਡੀ ਲਹਿਰ ਚਲਾਈ। ਸੈਂਕੜਿਆਂ ਦੀ ਗਿਣਤੀ ਵਿੱਚ ਇੱਕ-ਇੱਕ ਦਿਨ ਵਿੱਚ ਦਸਤਾਰਾਂ ਸਜਾਈਆਂ। ਆਪ ਜੀ ਦੇ ਜਨਮ ਨਗਰ ਦੇ ਵਿੱਚ ਉਹਨਾਂ ਦੀ ਪ੍ਰੇਰਨਾ ਦੇ ਸਦਕਾ ਬਹੁਤ ਸਾਰੀਆਂ ਮਾਈਆਂ ਬੀਬੀਆਂ ਨੇ ਦਸਤਾਰਾਂ ਸਜਾਈਆਂ। 1999 ਵਿਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਸਮੇਂ ਆਪ ਜੀ ਦੀ ਪ੍ਰੇਰਨਾ ਨਾਲ ਦੇਸ਼ਾਂ- ਵਿਦੇਸ਼ਾਂ ਦੀਆਂ 1100 ਬੀਬੀਆਂ ਨੇ ਇੱਕ ਦਿਨ ਵਿੱਚ ਦਸਤਾਰਾਂ ਸਜਾਈਆਂ।

 

ਸੰਤ ਖਾਲਸਾ ਜੀ ਨੇ ਹਮੇਸ਼ਾਂ ਜਿੱਥੇ ਦੀਵਾਨਾਂ ਵਿੱਚ ਨਾਮ ਬਾਣੀ, ਸੇਵਾ ਸਿਮਰਨ, ਭਗਤੀ, ਪੂਰੇ ਗੁਰੂ ਦੀ ਚਰਨ-ਸ਼ਰਨ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ ਉੱਥੇ ਪੰਜ ਕਕਾਰੀ ਰਹਿਤ ਅਤੇ ਬਾਣੇ ਦੇ ਨਾਲ ਪਿਆਰ ਦਾ ਵੀ ਪ੍ਰਚਾਰ ਕੀਤਾ। ਬਾਬਾ ਜੀ ਹਰ ਤਰਾਂ ਦੇ ਸ਼ਸ਼ਤ੍ਰਾਂ ਨਾਲ ਪਿਆਰ ਕਰਦੇ ਸਨ ਅਤੇ ਹਮੇਸ਼ਾਂ ਸ਼ਸ਼ਤ੍ਰਧਾਰੀ ਹੋ ਕੇ ਵਿਚਰੇ। ਉਹਨਾਂ ਜਥੇ ਨੂੰ ਵੀ ਸ਼ਸ਼ਤ੍ਰਧਾਰੀ ਬਣਾ ਕੇ ਰੱਖਿਆ ਅਤੇ ਸਭਨਾਂ ਨੂੰ ਪੁਰਾਤਨ ਅਤੇ ਆਧੁਨਿਕ ਸ਼ਸ਼ਤ੍ਰਾਂ ਦੇ ਧਾਰਨੀ ਹੋਣ ਦਾ ਪ੍ਰਚਾਰ ਕੀਤਾ। ਉਹਨਾਂ ਸ਼ਸ਼ਤ੍ਰ ਕਿਸੇ ਦੇ ਭੈ ਕਰਕੇ, ਡਰ ਕਰਕੇ, ਆਪਣੇ ਨਾਸਵਾਨ ਸਰੀਰ ਨੂੰ ਰੱਖਣ ਵਾਸਤੇ ਜਾਂ ਮਰਨ ਦੇ ਭੈ ਕਰਕੇ ਨਹੀ ਰੱਖੇ, ਸਿਰਫ ਦਸ਼ਮੇਸ਼ ਜੀ ਦੇ ਹੁਕਮ ਵਿੱਚ ਸ਼ਸ਼ਤ੍ਰਾਂ ਦੇ ਪਿਆਰ ਵਿੱਚ ਸ਼ਸ਼ਤ੍ਰ ਰੱਖੇ (ਯਾਦ ਰਹੇ ਬਾਬਾ ਜੀ ਦਾ ਕਦੇ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਤੇ ਨਾ ਹੁਣ ਹੈ) ਸਿਰਫ ਉਹਨਾਂ ਨੇ ਗੁਰੂ ਜੀ ਦੀ ਚਲਾਈ ਹੋਈ ਚਾਲੀ ਨੂੰ ਕਾਇਮ ਰੱਖਿਆ। ਕਈ ਪ੍ਰਚਾਰਕਾਂ ਨੇ ਆਪ ਜੀ ਦੀ ਰੀਸ ਵਿੱਚ ਖਾਲਸਾਈ ਜਾਹੋ ਜਲਾਲ ਨੂੰ ਦੇਖਕੇ ਸ਼ਸ਼ਤ੍ਰ ਤਾਂ ਰੱਖ ਲਏ ਫਿਰ ਪਤਾ ਨਹੀਂ ਕਿਸ ਦੇ ਭੈ ਅਧੀਨ ਉਹਨਾਂ ਨੇ ਸ਼ਸ਼ਤ੍ਰਾਂ ਦਾ ਤਿਆਗ ਕਰ ਦਿੱਤਾ। ਪਤਾ ਨੀ ਫਿਰ ਉਹਨਾਂ ਦਾ ਸ਼ਸ਼ਤ੍ਰ ਪਿਆਰ ਕਿੱਥੇ ਚਲਾ ਗਿਆ? ਯਾਦ ਰਹੇ ਕਿ ਖਾਲਸਾ ਕਦੇ ਵੀ ਮੌਤ ਤੋਂ ਡਰਕੇ ਸ਼ਸ਼ਤ੍ਰ ਨਹੀਂ ਰੱਖਦਾ ਇਹ ਤਾਂ ਖਾਲਸੇ ਦਾ ਸ਼ਸ਼ਤ੍ਰ ਪਿਆਰ ਹੈ ਅਤੇ ਸਾਡੇ ਗੁਰੂ ਸਾਹਿਬਾਨਾਂ ਦਾ ਹੁਕਮ ਹੈ। ਗਊ ਗਰੀਬ ਦੀ ਰੱਖਿਆ, ਧਰਮ ਦੀ ਰੱਖਿਆ, ਜੁਲਮ ਦੇ ਨਾਸ ਅਤੇ ਖਾਲਸਾਈ ਸ਼ਾਨ, ਸੰਤ ਸਿਪਾਹੀ ਹੋਣ ਦਾ ਪ੍ਰਤੀਕ ਹੈ। ਗੁਰੂ ਜੀ ਨੇ ਸਿੱਖ ਨੂੰ ਸੰਤ ਦੇ ਨਾਲ ਸਿਪਾਹੀ ਵੀ ਬਣਾਇਆ ਹੈ। ਜੇ ਗੁਰੂ ਜੀ ਖਾਲਸੇ ਨੂੰ ਸ਼ਸ਼ਤ੍ਰਧਾਰੀ ਨਾ ਬਣਾਉਂਦੇ ਤਾਂ ਸਾਡਾ ਦੇਸ਼ ਕਦੇ ਅਜ਼ਾਦ ਨਾਂ ਹੁੰਦਾ।

 

ਤਪੋਬਣ ਢੱਕੀ ਸਾਹਿਬ ਵਿਖੇ ਜਿੱਥੇ ਹੋਰ ਹਜ਼ਾਰਾਂ ਲੱਖਾਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਉੱਥੇ ਵਿਸ਼ੇਸ਼ ਤੌਰ ਤੇ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਦਲ ਸਮੇਂ-ਸਮੇਂ ਨਾਲ ਪੜਾਅ ਕਰਦੇ ਰਹਿੰਦੇ ਹਨ। ਬਾਬਾ ਜੀ ਉਹਨਾਂ ਨੂੰ ਵਿਸ਼ੇਸ਼ ਸਤਿਕਾਰ ਦਿੰਦੇ ਹਨ ਅਤੇ ਉਹਨਾਂ ਨੂੰ ਲੰਗਰ ਲਈ ਰਸਦਾਂ ਵਸਤਾਂ ਅਤੇ ਇਥੋਂ ਤੱਕ ਉਹਨਾਂ ਦੇ ਘੋੜਿਆਂ ਨੂੰ ਕੜਾਹ ਆਦਿਕ ਵੀ ਬਣਵਾਕੇ ਛਕਾਉਂਦੇ ਹਨ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬਾਬਾ ਜੀ ਜਿੱਥੇ ਬਚਪਨ ਤੋਂ ਹੀ ਗੁਰੂ ਕੀਆਂ ਲਾਡਲੀਆਂ ਫੌਜਾਂ ਦੇ ਨਾਲ ਵਿਸ਼ੇਸ਼ ਪਿਆਰ ਕਰਦੇ ਸਨ ਉੱਥੇ ਆਪ ਜੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਵਿੱਚ ਵੀ ਕੁਝ ਸਮਾਂ ਵਿਚਰੇ। ਜਿੱਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ, ਸ੍ਰੀ ਸਰਬ ਲੋਹ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਨ, ਸੁੱਖ ਆਸਣ ਦੀ ਸੇਵਾ, ਸ਼ਸ਼ਤ੍ਰ ਸਜਾਉਣ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕਰਦੇ ਸਨ। ਵਰਣਨਯੋਗ ਹੈ ਕਿ ਬਾਬਾ ਜੀ ਕਦੇ ਵੀ ਸੁੱਖ ਨਿਧਾਨ ਜਾਂ ਝਟਕਾ ਵਗੈਰਾ ਨਹੀਂ ਸੀ ਛਕਦੇ। ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਜਾਂ ਕਦੇ ਪੰਜਾਂ ਪਿਆਰਿਆਂ ਦੇ ਵਿੱਚ ਵੀ ਡਿਊਟੀ ਕਰਦੇ ਸਨ, ਫਿਰ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਕਈ ਅਸਥਾਨਾਂ ਅਤੇ ਸੰਪਰਦਾਵਾਂ ਵਿੱਚ ਅਜ਼ਾਦ ਤੌਰ ਤੇ ਵਿਚਰਦੇ ਰਹੇ। ਫਰਲੇ ਵਾਲੇ ਸਿੰਘਾਂ ਦਾ ਬਾਬਾ ਜੀ ਵਿਸ਼ੇਸ਼ ਸਤਿਕਾਰ ਕਰਦੇ ਦੇਖੇ ਹਨ। ਆਪ ਜੀ ਬੱਚਿਆਂ, ਨੌਜਵਾਨਾਂ, ਸਤਿਕਾਰਯੋਗ ਮਾਈਆਂ ਬੀਬੀਆਂ ਨੂੰ ਖਾਲਸਾਈ ਬਾਣੇ ਵਿੱਚ ਸਜੇ ਦੇਖ ਕੇ ਵਿਸ਼ੇਸ਼ ਪ੍ਰਸੰਨਤਾ ਮਹਿਸੂਸ ਕਰਦੇ ਹਨ ਅਤੇ ਬੇਨਤੀ ਕਰਦੇ ਹਨ ਕਿ ਇਸੇ ਤਰਾਂ ਗੋਲ ਨੀਲੇ, ਚਿੱਟੇ, ਕੇਸਰੀ ਦੁਮਾਲੇ ਸਜਾਓ ਖਾਲਸਾਈ ਸ਼ਾਨ ਨੂੰ ਪਿਆਰ ਕਰੋ। ਵਿਦੇਸ਼ਾਂ ਦੇ ਵਿੱਚ ਨੌਜਵਾਨ ਸਿੰਘ ਸਿੰਘਣੀਆਂ ਦੇ ਵਿੱਚ ਬਾਣੀ ਦੇ ਨਾਲ, ਬਾਣੇ ਪ੍ਰਤੀ, ਸਰਬ ਲੋਹ ਦੇ ਪ੍ਰਤੀ, ਸ਼ਸ਼ਤ੍ਰਾਂ ਪ੍ਰਤੀ, ਖਾਲਸਾਈ ਦੁਮਾਲਿਆਂ ਅਤੇ ਦਸਤਾਰਾਂ ਪ੍ਰਤੀ ਵਿਸ਼ੇਸ਼ ਰੁਚੀ ਅਤੇ ਉਤਸ਼ਾਹ ਦੇਖਕੇ ਬਹੁਤ ਜਿਆਦਾ ਪ੍ਰਸੰਨਤਾ ਮਹਿਸੂਸ ਕਰਦੇ ਹਨ।

 

ਆਓ ਗੁਰੂ ਕੇ ਸਿੱਖੋ, ਬੱਚੇ, ਬਜ਼ੁਰਗੋ, ਮਾਈਓ, ਭਾਇਓ, ਬੀਬੀਓ ਬਾਣੀ ਦੇ ਨਾਲ-ਨਾਲ ਗੁਰੂ ਕੇ ਬਾਣੇ ਨਾਲ ਵੀ ਪਿਆਰ ਕਰੋ, ਬਾਕੀ ਬਾਣੇ ਦੁਨਿਆਵੀ ਹਨ ਜਾਂ ਪੱਛਮੀ ਹਨ ਪਰ ਇਹ ਅਕਾਲ ਪੁਰਖ ਦਾ ਬਾਣਾ ਹੈ। ਜਿੱਥੇ ਸਤਿਗੁਰਾਂ ਨੇ, ਕਲਗੀਧਰ ਜੀ ਨੇ ਸਾਨੂੰ ਧੁਰ ਕੀ ਬਾਣੀ ਅਕਾਲੀ ਬਾਣੀ ਦੇ ਨਾਲ ਨਿਵਾਜਿਆ ਹੈ ਉੱਥੇ ਸਾਨੂੰ ਅਕਾਲੀ ਬਾਣੇ ਨਾਲ ਨਿਵਾਜਿਆ, ਅਕਾਲੀ ਬਾਣਾ ਬਖ਼ਸ਼ਿਆ ਹੈ। ਬਾਣੇ ਦੇ ਨਾਲ ਪਿਆਰ, ਸ਼ਸ਼ਤ੍ਰਾਂ ਦੇ ਨਾਲ ਪਿਆਰ, ਹਾਥੀ, ਘੋੜੇ, ਸ਼ਸ਼ਤ੍ਰ, ਨਗਾਰੇ ਰੱਖਣੇ ਇਹ ਗੁਰੂ ਕੀ ਰੀਸ ਨਹੀਂ, ਬਲਕਿ ਸਾਡੇ ਪਰਮ ਪਿਆਰੇ ਸਤਿਗੁਰਾਂ ਦੁਆਰਾ ਪਾਏ ਪੂਰਨਿਆਂ ਤੇ ਚੱਲਣਾ ਹੈ ਅਤੇ ਦਸ਼ਮੇਸ਼ ਪਿਤਾ ਜੀ ਦੇ ਹੁਕਮ ਨੂੰ ਮੰਨਣਾ ਹੈ। ਪੂਰੀ ਦੁਨੀਆਂ ਦੇ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਅਤੇ ਵੱਖਰੀ ਪਹਿਚਾਣ ਗੁਰੂ ਕੀ ਬਾਣੀ ਅਤੇ ਬਾਣੇ ਨਾਲ ਹੀ ਸੰਭਵ ਹੈ। ਬਾਬਾ ਜੀ ਗੁਰੂ ਘਰ ਦੇ ਨਿਰਮਾਣ ਸੇਵਕ ਹੋ ਕੇ, ਅਨਿੰਨ ਸੇਵਕ ਹੋ ਕੇ, ਦਸ਼ਮੇਸ਼ ਪਿਤਾ ਜੀ ਦੀ ਚਰਨ ਧੂੜ ਹੋ ਕੇ “ਖਾਲਸਾ ਮੇਰੋ ਰੂਪ ਹੈ ਖਾਸ॥” ਦੇ ਰੂਪ ਵਿੱਚ ਵਿਚਰਦੇ ਹਨ ਤੇ ਇਹੀ ਪ੍ਰੇਰਨਾ ਪੂਰੇ ਜੋਰ-ਸ਼ੋਰ ਨਾਲ ਕਰਦੇ ਹਨ।

 

ਸ਼੍ਰੋਮਣੀ ਸੰਤ ਖਾਲਸਾ ਦਲ ਦੀ ਸਥਾਪਨਾ ਵੀ ਇਸੇ ਅਧੀਨ ਅਕਾਲੀ ਹੁਕਮ ਅਨੁਸਾਰ ਹੋਈ ਹੈ। ਬਾਬਾ ਜੀ ਦੇ ਆਪਣੇ ਨਿੱਜੀ ਤੋਸ਼ਾਖ਼ਾਨੇ ਵਿੱਚ ਅਨੇਕਾਂ ਤਰ੍ਹਾਂ ਦੇ ਪੁਰਾਤਨ ਅਤੇ ਰਵਾਇਤੀ ਸ਼ਸ਼ਤ੍ਰ, ਬੇਸ਼ਕੀਮਤੀ ਸਰਬਲੋਹੀ/ਸੁਨਹਿਰੀ/ਰੁਪਹਿਰੀ ਸ੍ਰੀ ਸਾਹਿਬਾਂ, ਖੰਡੇ, ਚੱਕਰ, ਬਿਛੂਆ, ਕਾਤੀ, ਅਰਬੀ ਸ਼ਾਹੀ ਸ਼ਸ਼ਤ੍ਰ, ਕਿਰਚਾਂ, ਤੀਰ ਕਮਾਨ, ਗੁਰਜ਼ਾਂ, ਫਾੜੀਦਾਰ ਗੁਰਜ਼ਾਂ, ਢਾਲਾਂ, ਨਾਗਣੀ, ਤੇਗੇ, ਸੈਫ਼, ਬਰਛੇ, ਸਰਬਲੋਹੀ/ਸੁਨਹਿਰੀ ਕਟਾਰਾਂ, ਸਰੋਹੀ, ਭਾਲੇ, ਸੈਹਥੀ, ਜਾਫ਼ਰ ਤਕੀਆ, ਸ਼ੇਰਗਾਹ, ਸੇਲਾ ਬਰਛਾ ਆਦਿ ਆਦਿ ਸੁਸ਼ੋਭਿਤ ਹਨ ਜਿਨ੍ਹਾਂ ਦੇ ਦਰਸ਼ਨ ਸ਼ਸ਼ਤ੍ਰਾਂ ਦੇ ਕਦਰਦਾਨ ਸਿੰਘਾਂ ਨੂੰ ਕਰਵਾਏ ਜਾਂਦੇ ਹਨ। ਬਾਬਾ ਜੀ ਦੀਵਾਨਾਂ ਵਿੱਚ ਕਹਿੰਦੇ ਹੁੰਦੇ ਹਨ ਕਿ ਜਿਹੜਾ ਬਾਣੀ ਤੇ ਸ਼ੰਕਾ ਕਰੇ ਉਹ ਵੀ ਸਿੱਖ ਨਹੀਂ ਅਤੇ ਜਿਹੜਾ ਸ਼ਸ਼ਤ੍ਰਾਂ ਤੇ ਸ਼ੰਕਾ ਕਰਦਾ ਹੈ, ਸ਼ਸ਼ਤ੍ਰਾਂ ਦੀ ਨਿੰਦਾ ਕਰਦਾ ਹੈ, ਸ਼ਸ਼ਤ੍ਰਾਂ ਦਾ ਸਤਿਕਾਰ ਨਹੀਂ ਕਰਦਾ, ਸਿੱਖਾਂ ਨੂੰ ਸ਼ਸ਼ਤ੍ਰਾਂ ਤੋਂ ਹੀਣ ਕਰਨਾ ਚਾਹੁੰਦਾ ਹੈ, ਸਿੱਖਾਂ ਦਾ ਸ਼ਸ਼ਤ੍ਰ ਪਿਆਰ ਖਤਮ ਕਰਨਾ ਚਾਹੁੰਦਾ ਹੈ ਉਹ ਸਿੱਖ ਹੋ ਹੀ ਨਹੀਂ ਸਕਦਾ, ਸਗੋਂ ਸਿੱਖੀ ਦਾ ਦੁਸ਼ਮਣ ਹੈ। ਜਦੋਂ ਕਿ ਦਸ਼ਮੇਸ਼ ਪਿਤਾ ਜੀ ਦਾ ਹੁਕਮ ਹੈ ਕਿ ਜਿੱਥੇ ਸਿੱਖ ਨੇ ਨਾਮ ਬਾਣੀ ਦਾ ਅਭਿਆਸ (ਸਿਮਰਨ) ਕਰਨਾ ਹੈ ਉੱਥੇ ਸ਼ਸ਼ਤ੍ਰ ਵਿੱਦਿਆ ਦਾ ਅਭਿਆਸ ਵੀ ਹਮੇਸ਼ਾਂ ਕਰਨਾ ਹੈ। ਬਾਬਾ ਜੀ (ਸੰਤ ਖਾਲਸਾ ਜੀ) ਖ਼ੁਦ ਵੀ ਜੱਥੇ ਦੇ ਸਿੰਘਾਂ ਨੂੰ ਸ਼ਸ਼ਤ੍ਰ ਵਿੱਦਿਆ ਦਾ ਅਭਿਆਸ ਕਰਵਾਉਂਦੇ ਹਨ ਅਤੇ ਸਮੇਂ-ਸਮੇਂ ਨਾਲ ਤਪੋਬਣ ਵਿਖੇ ਗੱਤਕਾ ਪਾਰਟੀਆਂ ਦੇ ਸ਼ਸ਼ਤ੍ਰ ਵਿੱਦਿਆ ਦੇ ਜੌਹਰ ਅਤੇ ਮੁਕਾਬਲੇ ਕਰਵਾਉਂਦੇ ਰਹਿੰਦੇ ਹਨ। ਹਾਥੀ, ਘੋੜਿਆਂ ਦੀਆਂ ਦੌੜਾਂ, ਨੇਜ਼ਾ ਬਾਜੀ ਕਰਵਾਉਂਦੇ ਰਹਿੰਦੇ ਹਨ ਅਤੇ ਜੇਤੂਆਂ ਨੂੰ ਇਨਾਮ ਵੱਜੋਂ ਸਿਰੋਪਾਓ ਅਤੇ ਮਾਇਆ ਦੇ ਗੱਫੇ ਦੇ ਕੇ ਖੁਸ਼ੀਆਂ ਵੰਡਦੇ ਹਨ। ਤਪੋਬਣ ਦੇ ਬੰਦੀ ਛੋੜ ਮੱਲ ਅਖਾੜੇ ਵਿੱਚ ਕੁਸ਼ਤੀਆਂ ਅਤੇ ਸਮੇਂ-ਸਮੇਂ ਨਾਲ ਢਾਡੀ ਦਰਬਾਰ ਵੀ ਕਰਵਾਉਂਦੇ ਹਨ ਖਾਸ ਕਰਕੇ ਗੁਰਸਿੱਖ ਬੱਚੀਆਂ ਨੂੰ ਵੀ ਸ਼ਸ਼ਤ੍ਰ ਵਿੱਦਿਆ, ਗੱਤਕਾ, ਕਰਾਟੇ ਅਤੇ ਤੀਰ ਅੰਦਾਜੀ ਵੱਲ ਪ੍ਰੇਰਿਤ ਕਰਦੇ ਹਨ ਜਿਸ ਨਾਲ ਕਿਸੇ ਐਰੇ-ਗੈਰੇ ਦੀ ਗੁਰਸਿੱਖ ਬੀਬੀ ਵੱਲ ਬੁਰੀ ਨਿਗ੍ਹਾ ਨਾਲ ਦੇਖਣ ਦੀ ਜੁਰਅਤ ਨਹੀਂ ਪੈ ਸਕਦੀ ਬਲਕਿ ਗੁਰਸਿੱਖ ਬੀਬੀਆਂ ਸ਼ਸ਼ਤ੍ਰ ਵਿੱਦਿਆ ਤੋਂ ਜਾਣੂ, ਖਾਲਸਾਈ ਬਾਣੀ ਬਾਣੇ ਵਿੱਚ ਸਜੀਆਂ ਉਹ ਆਨਮਤੀ ਬੀਬੀਆਂ ਦੀ ਇੱਜ਼ਤ ਦੀ ਰਾਖੀ ਵੀ ਦ੍ਰਿੜਤਾ ਦੇ ਨਾਲ ਕਰ ਸਕਦੀਆਂ ਹਨ ਅਤੇ ਜੇਕਰ ਬੀਬੀਆਂ ਸ਼ਸ਼ਤ੍ਰਧਾਰੀ ਹੋ ਜਾਣ ਤਾਂ ਸਾਡੇ ਸਮਾਜ ਵਿੱਚ ਬਲਾਤਕਾਰਾਂ ਵਰਗੇ ਘਿਨਾਉਣੇ ਜੁਰਮ ਖਤਮ ਹੋ ਸਕਦੇ ਹਨ ।

 

ਬਾਬਾ ਜੀ ਦੀ ਪ੍ਰੇਰਨਾ ਸਦਕਾ ਤਪੋਬਣ ਵਿਖੇ 1998 ਵਿੱਚ ਮਾਤਾ ਭਾਗੋ ਦਲ ਦੀ ਸਥਾਪਨਾ ਹੋਈ ਜਿਸ ਵਿੱਚ ਸੈਂਕੜੇ ਹਜ਼ਾਰਾਂ ਬੀਬੀਆਂ ਨੇ ਸ਼ਾਮਿਲ ਹੋ ਕੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਹਿੱਸਾ ਲਿਆ, ਗੁਰੂ ਘਰ ਦੀਆਂ ਅਨੇਕਾਂ ਤਰਾਂ ਦੀ ਸੇਵਾਵਾਂ ਜਿਵੇਂ ਕਿ ਬਾਣੀ ਸਿੱਖਣੀ ਸਿਖਾਉਣੀ ਅਤੇ ਕੀਰਤਨ ਕਰਨ ਕਰਾਉਣ ਦੀ ਸੇਵਾ ਵਿੱਚ ਹਿੱਸਾ ਲੈ ਰਹੀਆਂ ਹਨ। ਜਿੱਥੇ ਚੰਗੇ ਸਮਾਜ ਦੀ ਸਿਰਜਣਾ, ਬੱਚਿਆਂ ਨੂੰ ਬਾਣੀ ਸਿਖਾਉਣ ਅਤੇ ਬਾਣੇ ਵਿੱਚ ਸਜਾਉਣ ਦੀ ਸੇਵਾ ਕਰਕੇ ਦਸ਼ਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਲੈ ਰਹੀਆਂ ਹਨ। ਉੱਥੇ ਤਪੋਬਣ ਵਿਖੇ ਜਦੋਂ ਪੰਥ ਵਿਰੋਧੀ ਸਰਕਾਰਾਂ ਨੇ ਅਨੇਕਾਂ ਰੌਂਗਟੇ ਖੜੇ ਕਰਨ ਵਾਲੇ ਕੁਝ ਜੁਲਮ ਹੀ ਨਹੀਂ, ਬਲਕਿ ਜੁਲਮਾਂ ਦੀ ਦਾਸਤਾਨ ਹੀ ਲਿਖ ਦਿੱਤੀ, ਉੱਥੇ ਸਤਿਕਾਰਤ ਮਾਤਾ ਭਾਗੋ ਦਲ ਦੀਆਂ ਬੀਬੀਆਂ ਨੇ ਜ਼ਾਲਮਾਂ ਦੇ ਜੁਲਮਾਂ ਦਾ ਡਟ ਕੇ ਮੁਕਾਬਲਾ ਕੀਤਾ। ਜਿਸ ਵਿੱਚ ਸਿੰਘਾਂ ਦੇ ਬਰਾਬਰ ਅਨੇਕਾਂ ਅਸਹਿ ਤੇ ਅਕਹਿ ਤਸ਼ੱਦਦ ਝੱਲਦੇ ਹੋਏ ਪੁਰਾਤਨ ਖਾਲਸਾਈ ਬੀਬੀਆਂ ਦੀ ਤਰਾਂ ਜੁਲਮਾਂ ਦਾ ਟਾਕਰਾ ਕੀਤਾ। ਸਤਿਕਾਰਤ ਪੰਥ ਮਾਤਾ ਸਾਹਿਬ ਦੇਵਾਂ ਜੀ ਅਤੇ ਮਹਾਨ ਵੀਰਾਂਗਣਾਂ ਮਾਤਾ ਭਾਗੋ ਜੀਆਂ ਦੇ ਪਾਏ ਪੂਰਨਿਆਂ ਤੇ ਚਲੀਆਂ ਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹੁਣ ਵੀ ਮਾਤਾ ਭਾਗੋ ਦਲ ਦੀਆਂ ਇਹ ਬੀਬੀਆਂ ਗੁਰੂ ਸਾਹਿਬ ਜੀ ਦੀ ਕ੍ਰਿਪਾ ਦੇ ਨਾਲ ਬਾਣੀ-ਬਾਣੇ ਦੀ ਲਹਿਰ ਪੂਰੇ ਜੋਰ-ਸ਼ੋਰ ਨਾਲ ਚਲਾ ਰਹੀਆਂ ਹਨ ਅਤੇ ਆਸ ਕਰਦੇ ਹਾਂ ਕਿ ਗੁਰੂ ਕ੍ਰਿਪਾ ਨਾਲ ਇਹ ਲਹਿਰ ਇਸੇ ਤਰਾਂ ਚਲਦੀ ਰਹੇਗੀ।

 

ਆਓ ਖਾਲਸਾ ਜੀ ਆਪਣੇ ਸਤਿਗੁਰਾਂ ਕਲਗੀਧਰ ਪਿਤਾ ਜੀ ਦੇ ਹੁਕਮ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ, ਖਾਲਸੇ ਸਜੀਏ, ਸੰਤ ਸਿਪਾਹੀ ਬਣੀਏ ਦਸ਼ਮੇਸ਼ ਪਿਤਾ ਜੀ ਦੀ ਬਖ਼ਸ਼ਿਸ਼

 

ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮੈ ਹਉ ਕਰਉ ਨਿਵਾਸ॥

 

ਨੂੰ ਕਮਾਈਏ, ਸ਼ਸ਼ਤ੍ਰਾਂ ਤੇ ਸ਼ੰਕੇ ਨਾ ਕਰੀਏ ਬਿਨਾ ਸ਼ਸ਼ਤ੍ਰਾਂ ਤੋਂ ਸਿੱਖ ਗੁਲਾਮ ਹੁੰਦਾ ਹੈ। ਜਿੱਥੇ ਖਾਲਸੇ ਦਾ ਗੁਰੂ ਗੁਰਬਾਣੀ ਹੈ ਉੱਥੇ ਸਤਿਗੁਰਾਂ ਨੇ ਸ਼ਸ਼ਤ੍ਰਾਂ ਨੂੰ “ਯਹੈ ਹਮਾਰੇ ਪੀਰ॥” ਕਹਿਕੇ ਨਿਵਾਜਿਆ ਹੈ “ਸ਼ਸ਼ਤ੍ਰ ਕੇ ਅਧੀਨ ਹੈ ਰਾਜ” ਕਹਿਕੇ ਫ਼ੁਰਮਾਇਆ ਹੈ “ਬਿਨਾਂ ਸ਼ਸ਼ਤ੍ਰ ਕੇਸੰ ਨਰੰ ਭੇਡ ਜਾਨੋ॥” ਦਾ ਹੁਕਮ ਕੀਤਾ ਹੈ। “ਜਿਤੇ ਸ਼ਸ਼ਤਰ ਨਾਮੰ॥ ਨਮਸਕਾਰ ਤਾਮੰ॥ ਜਿਤੇ ਅਸਤਰ ਭੇਅੰ॥ ਨਮਸਕਾਰ ਤੇਅੰ॥” ਕਹਿ ਕੇ ਇੰਨਾਂ ਉੱਚਾ ਦਰਜਾ ਬਖਸ਼ਿਆ ਹੈ। “ਇਹੀ ਮੋਰ ਆਗਿਆ ਸੁਨੋ ਹੇ ਪਿਆਰੋ॥ ਬਿਨਾ ਸ਼ਸ਼ਤ੍ਰ ਕੇਸੰ ਨ ਦੇਵੋ ਦੀਦਾਰੇ॥”, “ਪ੍ਰਿਥਮ ਭਗੳਤੀ ਸਿਮਰਿ ਕੈ”, “ਖੰਡਾ ਪ੍ਰਿਥਮੈ ਸਾਜਿ ਕੈ”, “ਨਮਸਕਾਰ ਸ੍ਰੀ ਖੜਗ ਕੋ”, “ਕ੍ਰਿਪਾਨ ਪਾਨ ਧਾਰੀਅੰ॥ ਕ੍ਰੋਰ ਪਾਪ ਟਾਰੀਅੰ॥” ਕਹਿ ਕੇ ਖਾਲਸੇ ਦਾ ਸ਼ਸ਼ਤ੍ਰਾਂ ਦੇ ਨਾਲ ਸੁਮੇਲ ਪ੍ਰਗਟਾਇਆ ਹੈ। ਦਸ਼ਮੇਸ਼ ਪਿਤਾ ਜੀ ਨੇ ਦਸਮ ਗ੍ਰੰਥ ਵਿੱਚ ਜਿੱਥੇ ਵਿਸ਼ੇਸ਼ ਤੌਰ ਤੇ ਜੰਗਾਂ ਯੁੱਧਾਂ ਦਾ ਬਹੁਤ ਬੀਰ ਰਸ ਵਿੱਚ ਵਰਣਨ ਕੀਤਾ ਹੈ ਉੱਥੇ ਸ਼ਸ਼ਤ੍ਰਾਂ ਦੇ ਪ੍ਰਤੀ ਬਹੁਤ ਸਾਰੀ ਬਾਣੀ, ਸ਼ਸ਼ਤ੍ਰ ਮਾਲਾ ਅਤੇ ਭਿੰਨ-ਭਿੰਨ ਅਦਭੁਤ ਛੰਦਾਂ-ਬੰਦੀ ਵਿੱਚ ਉਚਾਰਨ ਕੀਤਾ ਹੈ ਅਰਥਾਤ ਸਤਿਗੁਰੂ ਸਿੱਖ ਨੂੰ ਸੰਤ ਦੇ ਨਾਲ ਸਿਪਾਹੀ ਵੀ ਬਣਾਉਣਾ ਚਾਹੁੰਦੇ ਹਨ।

 

ਅਸੀਂ ਉਹਨਾਂ ਪੁਰਾਤਨ ਚਲੀਆਂ ਆ ਰਹੀਆਂ ਨਿਹੰਗ ਸਿੰਘ ਜੱਥੇਬੰਦੀਆਂ, ਜਿਨ੍ਹਾਂ ਨੇ ਖਾਲਸਾਈ ਸਰੂਪ, ਅਕਾਲੀ ਬਾਣੇ ਅਤੇ ਖਾਲਸਾਈ ਪ੍ਰੰਪਰਾਵਾਂ ਨੂੰ ਅਨੇਕਾਂ ਕਸ਼ਟ ਸਹਾਰਦੇ ਹੋਏ ਜੱਦੋ-ਜਹਿਦ ਕਰਦੇ ਹੋਏ ਦਸ਼ਮੇਸ਼ ਪਿਤਾ ਜੀ ਦੇ ਬਾਣੇ ਨੂੰ, ਸਰਬਲੋਹੀ ਬਿਬੇਕ, ਸ੍ਰੀ ਦਸ਼ਮੇਸ਼ ਬਾਣੀ ਅਤੇ ਸ਼ਸ਼ਤ੍ਰ ਪਿਆਰ ਨੂੰ ਕਾਇਮ ਰੱਖਿਆ ਉਨ੍ਹਾਂ ਨੂੰ ਅਸੀਂ ਸ਼ਤ-ਸ਼ਤ ਪ੍ਰਣਾਮ ਕਰਦੇ ਹਾਂ ਅਤੇ ਸਭਨਾਂ ਨੂੰ ਦੁਇ ਕਰ ਜੋੜ ਫਤਹਿ ਬੁਲਾਉਂਦੇ ਹਾਂ।

 

ਆਓ ਆਪਾਂ ਸਾਰੇ ਬਾਣੀ ਬਾਣੇ ਨਾਲ ਜੁੜੀਏ, ਕਲਗੀਧਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਮਨਮੱਤ ਛੱਡ ਕੇ ਗੁਰਮਤਿ ਗ੍ਰਹਿਣ ਕਰੀਏ, ਖਾਲਸਾਈ ਪਹਿਰਾਵੇ ਨੂੰ ਤਰਜੀਹ ਦੇਈਏ। ਗੁਰਮਤਿ ਅਨੁਸਾਰ ਖਾਈਏ-ਪੀਏ, ਗੁਰਮਤਿ ਅਨੁਸਾਰ ਪਹਿਨੀਏ, ਗੁਰਮਤਿ ਅਨੁਸਾਰ ਵਿਚਰੀਏ ਆਪਣੇ ਪਿਆਰੇ ਸਤਿਗੁਰਾਂ, ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੇਵਾ ਸਿਮਰਨ ਕਰਕੇ ਅਮੋਲਕ ਜਨਮ ਨੂੰ ਸਫਲਾ ਕਰੀਏ ਅਤੇ ਲੋਕ-ਪ੍ਰਲੋਕ ਸੁਹੇਲਾ ਕਰੀਏ। ਕਲਗੀਧਰ ਦੀਆਂ ਮਹਾਨ ਬਖ਼ਸ਼ਿਸ਼ਾਂ ਨੂੰ ਸਮਝੀਏ ਅਤੇ ਉਹਨਾਂ ਦੀ ਕਦਰ ਕਰੀਏ। ਭੁੱਲ ਚੁੱਕ ਦੀ ਮੁਆਫ਼ੀ। ਗੱਜ ਕੇ ਫਤਹਿ ਬੁਲਾਓ

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥

 

ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ,
ਗੁਰੂ ਕਲਗੀਧਰ ਦੇ ਮਨ ਨੂੰ ਭਾਵੇ
ਸਤਿ ਸ੍ਰੀ ਅਕਾਲ॥

 

ਵੱਲੋ: ਭਾਈ ਗੁਰਦੀਪ ਸਿੰਘ, ਭਾਈ ਕੁਲਵਿੰਦਰ ਸਿੰਘ, ਜੱਥਾ ਗੁਰਦੁਆਰਾ ਤਪੋਬਣ ਸਾਹਿਬ ਮਕਸੂਦੜਾ, ਲੁਧਿਆਣਾ
ਹੋਰ ਜਾਣਕਾਰੀ ਲਈ ਹੇਠ ਲਿਖੇ ਮੋਬਾਈਲ ਨੰ. ਤੇ ਸੰਪਰਕ ਕਰੋ: 98728-88550 95923-71668